ਆਪਣੀਆਂ
ਜੜ੍ਹਾਂ ਨੂੰ ਛੱਡ
ਅੱਜ ਬਣ ਗਿਆ ਹਾਂ
ਚੋਟੀਆਂ ਦਾ ਮੁਦੱਈ
ਐ ਚੋਟੀਓ ..
ਤੁਹਾਡੀ ਸੁੱਟੀ ਹੋਈ
ਬੁਰਕੀ ਨੂੰ ਬੋਚ
ਹਵਾ ਵਿੱਚ ਲਟਕਦਾ
ਮੈਂ ਆਪਣੇ
ਆਵਦਿਆਂ ਨੂੰ ਹੀ
ਘਿਰਣਾ ਦੀ ਨਜਰ ਨਾਲ
ਵੇਖਦਾ ਹਾਂ
ਰੀਂਗਦੀ ਹੋਈ
ਇਸ ਜਿੰਦਗੀ ਵਿੱਚ
ਉਨਾਂ ਤੋਂ ਵਿੱਥ ਬਣਾ ਕੇ
ਚਲਦਾ ਹਾਂ
ਤੇ ਆਪ ਮੁਹਾਰੇ ਹੀ
ਮੇਰਾ ਹੱਥ
ਮੇਰੀਆਂ ਮੁੱਛਾਂ ਨੂੰ
ਕੁੰਢੀਆਂ ਕਰਨ ਲੱਗਦਾ ਹੈ
ਐ ਚੋਟੀਓ ..
ਮੈਨੂੰ ਤੁਹਾਡਾ
ਵੱਡੇ ਤੋਂ ਵੱਡਾ ਔਗਣ ਵੀ
ਸੱਦ ਗੁਣ ਹੀ ਜਾਪਦਾ ਹੈ
ਤੁਹਾਡੇ ਵੱਲੋਂ ਕੀਤੇ
ਅਰਬਾਂ ਦੇ ਘਪਲੇ
ਲੱਖਾਂ ਅਬਲਾਵਾਂ ਦੀ
ਬਦਖੋਈ
ਅੱਲੇ ਜਖਮਾਂ ਨੂੰ
ਵਾਰ ਵਾਰ
ਛੇੜ ਕੇ ਲੰਘਣਾ
ਜਿਵੇਂ ਕੁੱਝ
ਵਾਪਰਿਆ ਹੀ ਨਾ ਹੋਵੇ
ਉਂਝ ਮੈਂ ਓਦੋਂ
ਬੇਹੱਦ ਚੁਕੰਨਾ ਹੋ ਜਾਂਦਾ ਹਾਂ
ਜਦੋਂ ਕੋਈ
ਗਰੀਬੜੀ ਜਿਹੀ
ਮੇਰੀ ਹੀ ਕੋਈ
ਚਾਚੀ ਤਾਈ
ਰੋਡਵੇਜ ਦੀ
ਟੁੱਟੀ ਜਿਹੀ ਬੱਸ ਵਿੱਚ
ਸਫਰ ਕਰਦੀ ਹੈ
ਤੇ ਕੰਡਕਟਰ ਨੂੰ
ਆਪਣੇ ਵੱਲ ਆਉਂਦਾ ਵੇਖ
ਖੀਸੇ ਵਿਚੋਂ
ਮੈਲਾ ਜਿਹਾ ਨੋਟ ਕੱਢ
ਗੁੱਛੀ ਮੁੱਛੀ ਕਰ
ਹੱਥਾਂ 'ਚ ਲੈ ਲੈਂਦੀ ਹੈ
ਕੰਡਕਟਰ ਕੋਲੋਂ ਦੀ
ਲੰਘ ਗਿਆ ਹੈ
ਪਰ ਮਾਈ ਨੇ
ਟਿਕਟ ਨਹੀਂ ਕਟਾਈ
ਲੋਹੜਾ ਆ ਗਿਆ
ਸ਼ਰੇਆਮ ਬੇਈਮਾਨੀ
ਤੇ ਮੈਂ ਕੰਡਕਟਰ ਦੇ
ਪੈੱਨ ਟੰਗੇ ਕੰਨ ਵਿੱਚ
ਖੁਸਰ ਫੁਸਰ ਕਰਦਾ ਹਾਂ
No comments:
Post a Comment